ਰਹਿਣੀਰਹੈਸੋਈਸਿਖਮੇਰਾ॥ ਓੁਹਸਾਹਿਬਮੈਉਸਕਾਚੇਰਾ॥

Akal Purakh Kee Rachha Hamnai, SarbLoh Dee Racchia Hamanai


    View Post Listing    |    Search    



ਵਾਹਿਗੁਰੂ ਸਿਮਰਨ
Posted by: Khalsaspirit (IP Logged)
Date: May 20, 2008 08:52AM

ਵਾਹਿਗੁਰੂ ਜੀ ਕਾ ਖ਼ਾਲਸਾ
ਵਹਿਗੁਰੂ ਜੀ ਕੀ ਫਤਿਹ॥

ਖ਼ਾਲਸਾ ਜੀਉ,

ਅਜਕਲ ਆਮ ਵੇਖਣ ਵਿਚ ਆ ਰਿਹਾ ਹੈ ਕਿ ਗੁਰਮਤਿ ਨਾਮ ਗੁਰਮੰਤਰ ਵਿਰੁਧ ਬਹੁਤ ਕਾਂਵਾ ਰੌਲੀ ਪਾਈ ਜਾ ਰਹੀ ਹੈ ਨਾਮ-ਸਿਮਰਨ ਨੂੰ ਤੋਤਾ ਰਟਨੀ, ਬੱਕਰੀ ਵਾਂਗੂੰ ਮੂੰਹ ਮਾਰਨਾ ਹੀ ਦੱਸਿਆ ਜਾ ਰਿਹਾ ਹੈ। ਜਿਹੜੇ ਵਾਹਿਗੁਰੂ ਸਿਮਰਨ ਦੀ ਗਲ ਕਰਦੇ ਹਨ ਉਹ ਵੀ ਇਸ ਵਿਚ ਦ੍ਰਿੜ ਵਿਸ਼ਵਾਸ ਤੋਂ ਉਰੇ ਹੀ ਰਹਿੰਦੇ ਹਨ। ਹਾਲਾਤ ਇਥੋ ਤੱਕ ਹੁੰਦੇ ਜਾ ਰਹੇ ਨੇ ਕਿ ਨਾਮ ਨੂੰ ਇਹ ਕਹਿ ਕੇ ਹੀ ਪਰਚਾਰਿਆ ਜਾ ਰਿਹਾ ਹੈ ਕਿ ਰੱਬ ਜੀ ਦਾ ਚਿੰਤਨ ਕਰਨਾ ਹੀ ਨਾਮ ਹੈ। ਪਤਾਂ ਨਹੀ ਇਹ ਲੋਗ ਕਿਵੇਂ ਤੇ ਕਿਹੜੇ ਰੱਬ ਜੀ ਦਾ ਚਿੰਤਨ ਕਰਦੇ ਹਨ। ਵਾਹਿਗੁਰੂ ਸਿਮਰਨ ਜੋ ਕਿ ਗੁਰੂ ਸਾਹਿਬ ਦਾ ਹੁਕਮ ਹੈ ਇਕੱਲਾ ਹੁਕਮ ਹੀ ਨਹੀ ਬਲ ਕੇ ਇਹੋ ਹੀ ਸੱਚੀ ਕਾਰ ਹੈ ਜੀਹਦੇ ਜਪਿਆਂ ਹੀ ਇਸ ਭਵ ਸਾਗਰ ਤੋਂ ਪਾਰ ਹੋ ਸਕੀਦਾ ਹੈ ਨਹੀ ਤਾਂ ਖਾਲੀ ਚਿੰਤਨ ਕਰਨ ਵਾਲੀਆਂ ਫੋਕੀਆਂ ਖੁਸ਼ਕ ਫਿਲਾਸਫੀਆ ਵਾਸਤੇ ਗੁਰੂ ਸਾਹਿਬ ਫੁਰਮਾਂਉਦੇ ਨੇ:

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ (ਪੰਨਾ ੧)

ਖਾਲੀ ਚਿੰਤਨ ਕੀਤਿਆ ਗੁਰਮਤਿ ਨਾਮ ਦੀ ਕਮਾਈ ਨਹੀਂ ਹੁੰਦੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਵਲੋ ਰਚਿਤ ਇਹ ਲੇਖ ਬਹੁਤ ਸਾਰੇ ਭੇਦ ਖੋਲਦਾ ਹੈ ਜਿਥੇ ਤੱਕ ਚਿੰਤਨ ਕਰਨ ਦੀ ਰਟ ਲਾਉਣ ਵਾਲੇ ਫਿਲਾਸਫਰ ਨਾ ਤਾਂ ਪੁਜੇ ਹਨ ਅਤੇ ਨਾਂ ਹੀ ਇਹੋ ਜਿਹੀਆ ਜਬਲੀਆ ਦੁਆਰਾ ਘਰ ਪੂਰਾ ਕਰਕੇ ਕਦੇ ਪੁੱਜ ਸਕਣਗੇ।

ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ (ਪੰਨਾ ੩੦੫)
____________________________________________________________________
ੴਸਤਿਗੁਰਪ੍ਸਾਦਿ॥

ਵਾਹਿਗੁਰੂ ਸਿਮਰਨ

ਨਾਮ ਦੀ ਕਲਾ

ਵਿਸਮਾਦ ਰੂਪ ਅਕਾਲ ਪੁਰਖ ਦੀ ਸਿਫਤਿ ਸਾਲਾਹ ਭੀ ਵਿਸਮਾਦ ਰੂਪ ਹੈ। ਨਾਮ, ਗੁਰਮਤਿ ਨਾਮ ਦੀ ਸਚੀ ਤੱਤ ਸਿਫਤਿ ਸਾਲਾਹ
ਹੈ। ਨਾਮ ਰੂਪੀ ਸਿਫਤਿ ਸਾਲਾਹ, ਬਿਸਮਾਦ ਰੰਗਾਂ ਵਾਲੀ ਧੰਨਤਾ ਹੈ। ਵਿਸਮਾਦੀ ਅਕਾਲ ਪੁਰਖ (ਨਾਮੀ) ਵਾਹਿਗੁਰੂ ਦੀ
ਖਿਨ ਖਿਨ ਸ਼ੁਕਰ-ਗੁਜ਼ਾਰੀ ਹੈ, ਕ੍ਰਿਸ਼ਮਨ ਸ਼ੁਕਰ-ਗੁਜ਼ਾਰੀ ਹੈ, ਜੋ ਨਾਮ-ਨਾਮੀ-ਅਭੇਦ ਵਿਸਮਾਦ ਰੰਗਾਂ ਵਿਚ ਹੀ ਗੁਰੂ
ਗੁਣਤਾਸ ਵਲੋਂ ਉਚਾਰੀ, ਸੰਚਾਰੀ ਅਤੇ ਸੰਵਾਰੀ ਗਈ, ਜੋ ਇਸ ਦੀ ਸਿਫਤਿ ਸਾਲਾਹ ਰੂਪ ਧੰਨਤ ਦੇ ਉਚਾਰਨ, ਰਟਨਹਾਰੇ ਨੂੰ
ਓੜਕ ਪਾਰਸ-ਰਸਾਇਣੀ ਕਲਾ ਵਰਤਾਇ ਕੇ ਵਿਸਮਾਦ ਰੰਗਾਂ ਵਿਚ ਲੀਨ ਕਰਾਉਣ ਨੂੰ ਸਮਰੱਥ ਹੈ। ਨਾਮ ਦੇ ਉਚਾਰਨਹਾਰ ਸੁਆਸ
ਸੁਆਸ ਗੁਰਸ਼ਬਦ ਅਭਿਆਸ ਦੁਆਰਾ ਵਾਹੁ ਵਾਹੁ ਦੀ ਟੇਰ-ਰਟ ਲਗਾਇ ਕੇ ਵਾਸਤਵ ਵਿਚ ਅਕਾਲ ਪੁਰਖ ਦੀ ਖਿਨ ਖਿਨ ਸ਼ੁਕਰ-
ਗੁਜ਼ਾਰੀ ਕਰਦਾ ਹੈ। ਇਹ ਸ਼ੁਕਰ-ਗੁਜ਼ਾਰੀ ਅਤੇ ਕ੍ਰਿਤੱਗਤਾ ਕਾਹਦੀ ਹੈ, ਜਿਸ ਕਰਕੇ ਕੇਵਲ ਪ੍ਰਸ਼ਾਦਾ ਛਕਣ ਸਮੇਂ ਜਾਂ
ਬਿਸਤਰੇ ਤੇ ਲੇਟਣ ਸਮੇਂ ਜਾਂ ਸੋਹਣੇ ਬਸਤਰ ਮਿਲਣ ਸਮੇਂ, ਰਿਹਾਇਸ਼ੀ ਸੁੰਦਰ ਮੰਦਰ ਤੱਕਣ ਸਮੇਂ ਇਹਨਾਂ ਵਸਤੂਆਂ ਦੇ
ਭੋਗਣਹਾਰੇ ਦੇ ਮਨ ਵਿਚ ਇਸ ਤਰ੍ਹਾਂ ਦਾ ਕੇਵਲ ਛਿਨ-ਭੰਗਾਰੀ ਖਿਆਲ ਹੀ ਖਿਆਲ ਆਵੇ ਕਿ ਹੇ ਦਾਤਾ ਵਾਹਿਗੁਰੂ, ਤੂੰ
ਧੰਨ ਹੈਂ ? ਇਸ ਤਰ੍ਹਾਂ ਦਾ ਖਿਆਲ ਮਾਤਰ ਆਉਣ ਨੂੰ ਕਈ ਫਿਲਾਸਫਰ ਐਨ ਗੁਰਮਤਿ ਨਾਮ ਸਿਮਰਨ ਸਮਝਦੇ ਹਨ। ਪਰੰਤੂ
ਗੁਰਮਤਿ ਨਾਮ ਦਾ ਅਭਿਆਸ ਤੇ ਜਾਪ ਤਾਪ ਉਹਨਾਂ ਦੇ ਨਿਕਟ ਐਵੇਂ ਹੀ ਹੈ। ਉਹਨਾਂ ਦੇ ਖਿਆਲ ਵਿਚ ‘ਨਾਮ ਕਿਸੇ ਇਕ ਨਾਮ ਦੀ
ਮਕੈਨੀਕਲ ਰੈਪੀਟੀਸ਼ਨ ਹੀ ਹੈ।’ ਗੁਰਮਤਿ ਨਾਮ ਦੀ ਸਿਫਤਿ ਸਾਲਾਹ ਰੂਪੀ ਸ਼ੁਕਰਾਨਾ, ਕੇਵਲ ਮਹਿਦੂਦ ਅਪ-ਸੁਆਰਥੀ
ਖਿਆਲਾਂ ਵਾਲਾ ਛਿਨ ਭੰਗਾਰੀ ਮਨੋਰਥ-ਪੂਰਤੀ ਤੋਂ ਉਪਜਿਆ ਫਸਾਨਾ ਹੀ ਨਹੀਂ, ਬਲਕਿ “ਬਿਸਮੁ ਪੇਖੈ ਬਿਸਮੁ ਸੁਣੀਐ
ਬਿਸਮਾਦੁ ਨਦਰੀ ਆਇਆ” ਦੀ ਅਵਸਥਾ ਵਾਲਾ ਵਿਸ਼ਾਲ ਆਤਮ-ਤਰੰਗੀ ਤਰਾਨਾ ਹੈ, ਯਥਾ ਗੁਰਵਾਕ:-

ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥
ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ ॥
ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸੰਬਾਹਿ ॥
ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ ॥੧॥ (੧੬)
(ਗੂਜਰੀ ਕੀ ਵਾਰ, ਸਲੋਕ ਮ: ੩, ਪੰਨਾ ੫੧੪−੧੫)

“ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ” ਵਾਲੀ ਪੰਗਤੀ ਸਾਫ ਇਕੋ ਗੁਰਮਤਿ ਨਾਮ ਦਾ ਅਰਾਧਣਾ ਸਹੀ ਕਰਦੀ ਹੈ
ਅਤੇ ਸਹੀ ਅਰਥ ਰਖਦੀ ਹੈ। ‘ਕਿਸੇ ਇਕ ਨਾਮ’ ਦੀ ਜਪਣ ਦੀ ਖੁਲ੍ਹ ਦਾ ਵਿਧਾਨ ਗੁਰਮਤਿ ਅੰਦਰ ਉਕਾ ਹੀ ਨਹੀਂ। ਇਹ ਇਹਨਾਂ
ਤੋਂ ਅਗਲੇਰੇ ਸਲੋਕ ਦੀਆਂ ਤੁਕਾਂ ਦਸਦੀਆਂ ਹਨ ਕਿ ਗੁਰਮਤਿ ਨਾਮ ਕੇਵਲ ਖਾਸ ਖਾਸ ਸਮਿਆਂ ਤੇ ਉਪੰਨੇ ਖਿਆਲਾਂ ਦੀਆਂ
ਸ਼ੁਕਰ-ਗੁਜ਼ਾਰੀਆਂ ਦੇ ਛਿਨ ਭੰਗਾਰੀ ਅਨੁਮਾਨ ਹੀ ਨਹੀਂ, ਸਗੋਂ ਸਦੀਵੀ ਸਾਸ ਗਰਾਸੀ ਜਾਪ ਅਭਿਆਸ ਦਾ ਤਤ ਗਿਆਨ ਹੈ।
ਯਥਾ ਗੁਰਵਾਕ:-

ਵਾਹੁ ਵਾਹੁ ਗੁਰਮੁਖਿ ਸਦਾ ਕਰਹਿ ਮਨਮੁਖਿ ਮਰਹਿ ਬਿਖੁ ਖਾਇ ॥
ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ ॥
ਗਰਮੁਖਿ ਅੰਮ੍ਰਿਤ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ ॥੨॥
(ਗੂਜਰੀ ਕੀ ਵਾਰ, ਮ: ੩, ਪੰਨਾ ੫੧੫)

ਇਹ ਗੁਰਵਾਕ ਗੁਰਮਤਿ ਨਾਮ ਦੁਆਰੇ ਕੇਵਲ ਅਲਪੀ ਕਲਪੀ ਸ਼ੁਕਰਾਨਾ ਹੀ ਨਹੀਂ ਦ੍ਰਿੜਾਉਂਦੇ, ਸਗੋਂ ਸਦੀਵ-ਕਾਲੀ ਛਿਨ
ਛਿਨ ਸੁਆਸ-ਸਮਾਲੀ ਅੰਮ੍ਰਿਤ-ਤ੍ਰਿਪਤਾਨਾ ਭੀ ਬੁਝਾਉਂਦੇ ਹਨ, ਅਰਥਾਤ ਨਾਮ ਅਭਿਆਸ ਕੇਵਲ ਸਰੀਰਕ ਲੋੜਾਂ ਦੀ ਪੂਰਤੀ
ਦੇ ਸ਼ੁਕਰਾਨੇ ਵਜੋਂ ਹੀ ਨਹੀਂ ਕੀਤਾ ਜਾਂਦਾ ਹੈ। ਗੁਰਮੁਖਾਂ ਦਾ ਛਿਨ ਛਿਨ ਨਾਮ ਜਪਣਾ ਸੁਆਸ ਸੁਆਸ ਅੰਮ੍ਰਿਤ
ਗਟਾਕਾਂ ਦਾ ਭੁੰਚਣਾ ਹੈ। ਮਨਮੁਖ ਲੋਕ ਆਪਣੀ ਮਨੋਰਥ-ਪੂਰਤੀ ਹਿਤ ਕੁਝ ਮਿੰਟਾਂ ਸਕਿੰਟਾਂ ਲਈ ਹੀ ਨਾਮ ਜਪਦੇ ਹਨ,
ਫੇਰ ਸੁੰਨੇ ਦੇ ਸੁੰਨੇ, ਨਾਮੋਂ ਸਖਣੇ ਹੋ ਕੇ ਆਪਣੇ ਖਿਆਲਾਂ ਦੁਆਰਾ, ਸੰਸਾਰਕ ਚਿਤਵਣੀਆਂ ਦੁਆਰਾ, ਵਿਵਹਾਰਕ ਖਬਤ
ਖਚਤਾਨੀਆਂ ਦੁਆਰਾ ਬਿਖ ਹੀ ਵਿਹਾਜਦੇ ਰਹਿੰਦੇ ਹਨ। ਗੁਰਮੁਖ ਸਚਿਆਰ ਸਿਖ ਵਾਹੁ ਵਾਹੁ ਰੂਪੀ ਸਿਫਤਿ ਸਾਲਾਹ ਦੀ
ਲਿਵਤਾਰ ਜੋੜ ਕੇ ਦਮ-ਬਦਮ ਅੰਮ੍ਰਿਤ ਛਾਦੇ ਹੀ ਭੁੰਚਦੇ ਹਨ। ਤਾਂ ਤੇ ਨਾਮ ਜਪਣਾ ਕੇਵਲ ਖਿਆਲੀ ਸ਼ੁਕਰ-ਗੁਜ਼ਾਰੀ ਮਾਤਰ
ਹੀ ਨਹੀਂ, ਨਾਮ ਜਪਣ ਦਾ ਅਰਥ ਨਿਰੀ ਫਸਲ-ਬਟੋਰੀ ਸ਼ੁਕਰ-ਗੁਜ਼ਾਰੀ ਕਰਨ ਦੇ ਹੀ ਨਹੀਂ, ਸਗੋਂ ਸੁਆਸ ਸੁਆਸ ਅੰਮ੍ਰਿਤ ਪੀਣ
ਦੇ ਅਤੇ ਛਿਨ ਛਿਨ ਆਤਮ-ਜੀਵਣ ਜੀਣ ਦੇ ਹਨ। ਉਹਨਾਂ ਲੋਕਾਂ ਦੀ ਕੈਸੀ ਗਲਤ ਖਿਆਲੀ ਹੈ ਜੋ ਨਾਮ ਜਪਣ ਨੂੰ ਕੇਵਲ
ਮਕੈਨੀਕਲ ਰੈਪੀਟੀਸ਼ਨ ਹੀ ਦੱਸਦੇ ਹਨ। ਦੇਖੋ ਅਗਲੇਰੇ ਗੁਰਵਾਕ, ਜੋ ਦੱਸਦੇ ਹਨ ਕਿ ਨਾਮ ਬਰਕਤ ਨਾਲ ਕੀ ਕੀ ਗੁੰਝਲਾਂ
ਖੁਲ੍ਹਦੀਆਂ ਹਨ :-

ਮਨ ਮੇਰੇ ਨਾਮਿ ਰਹਉ ਲਿਵ ਲਾਈ ॥
ਅਦਿਸਟੁ ਅਗੋਚਰੁ ਅਪਰੰਪਰੁ ਕਰਤਾ ਗੁਰ ਕੇ ਸ਼ਬਦਿ ਹਰਿ ਧਿਆਈ ॥੧॥ਰਹਾਉ॥ (੪॥੭)
(ਮਲਾਰ ਮ: ੩, ਪੰਨਾ ੧੨੬੦)

ਤਹ ਅਨਹਤ ਧੁਨੀ ਬਾਜਹਿ ਨਿਤ ਬਾਜੇ ਨੀਝਰ ਧਾਰ ਚੁਆਵੈਗੋ ॥੩॥
ਰਾਮ ਨਾਮੁ ਇਕੁ ਤਿਲ ਤਿਲ ਗਾਵੈ ਮਨੁ ਗੁਰਮਤਿ ਨਾਮਿ ਸਮਾਵੈਗੋ ॥…੪॥
(ਕਾਨੜਾ ਅਸਟ: ਮ: ੪, ਪੰਨਾ ੧੩੦੮)

ਇਹ ਨਾਮ ਦੀ ਮਕੈਨੀਕਲ ਰੈਪੀਟੀਸ਼ਨ (ਮੁੜ ਮੁੜ, ਬਾਰ ਬਾਰ ਨਾਮ ਜਪਣ) ਦਾ ਸੁਆਦ ਹੈ, ਪਰ ਗੁਰਵਾਕਾਂ ਸੱਟ ਕਉਣ ਸਹੇ, ਤੇ
ਕਉਣ ਗੁਰਵਾਕਾਂ ਦੀ ਸਚਾਈ ਨੂੰ ਪਰਖੇ ਤੋਲੇ। ਨਾਮ ਕਮਾਈ ਤੋਂ ਅਣਜਾਣ ਲੋਕਾਂ ਦੀ ਇਹ ਹਾਲਤ ਹੈ :-

“ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ॥”

ਗੁਰਸ਼ਬਦ (ਨਾਮ) ਦੀ ਕਮਾਈ ਬਿਨਾਂ ਪਏ ਭੁਲੇ ਭਟਕਾ ਖਾਂਦੇ ਹਨ- ਭਰਮ ਭਰਮ ਕੇ ਰਾਧਾ ਸੁਆਮੀਆਂ ਤੇ ਹੋਰ ਐਸੇ ਨਵੇਂ
ਗੁਰਮਤਿ ਤੋਂ ਉਲਟ-ਪੰਥੀਆਂ ਦੇ ਦਰਾਂ ਉਤੇ ਰੁਲਦੇ ਫਿਰਦੇ ਹਨ ਤੇ ਉਨ੍ਹਾਂ ਤੋਂ ਅਨਹਦ ਸ਼ਬਦ ਦੀਆਂ ਪ੍ਰਾਪਤੀਆਂ
ਚਾਹੁੰਦੇ ਹਨ। ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਇਹ ਅਨਹਦ ਧੁਨੀਆਂ ਵਾਲੇ ਬਾਜੇ ਤਾਂ ਗੁਰਮਤਿ ਨਾਮ ਦੀ ਕਮਾਈ
ਕੀਤਿਆਂ ਹੀ ਬਜਦੇ ਹਨ।

ਖਿਨ ਖਿਨ ਨਾਮ ਦੀ ਸਿਫਤ ਸਾਲਾਹ, ਅਰਥਾਤ ਨਾਮ ਦਾ ਜਪਣਾ, ਅਕਾਲ ਪੁਰਖ ਵਾਹਿਗੁਰੂ ਦੀ ਖਿਨ ਖਿਨ ਸ਼ੁਕਰ-ਗੁਜ਼ਾਰੀ ਹੈ ਤੇ
ਖਿਨ ਖਿਨ ਹਾਜ਼ਰਾ ਹਜ਼ੂਰੀ ਹੈ। ਨਾਮ ਦੇ ਬਾਰ ਬਾਰ ਜਪਣ, ਮਕੈਨੀਕਲ ਰੈਪੀਟੀਸ਼ਨ ਦੁਆਰਾ ਹੀ ਰਟਨ ਕਰਦਿਆਂ ਨਾਮ ਦੀ
ਪਾਰਸ-ਰਸਾਇਣੀ-ਰਗੜ ਦੁਆਰਾ ਚੁੰਬਕ ਪ੍ਰਕਾਸ਼ ਪਰਜੁਅਲਤ ਹੁੰਦਾ ਹੈ। ਪ੍ਰੇਮ, ਸ਼ਰਧਾ-ਭਾਵਨੀ ਨਾਲ ਇਸ ਤਰ੍ਹਾਂ ਰਟਨ
ਰੈਪੀਟੀਸ਼ਨ ਕਰਕੇ ਦੇਖਣ, ਫੇਰ ਪਤਾ ਲਗਸੀ ਕਿ ਏਸ ਨਿਰੀ ਮਕੈਨੀਕਲ ਰੈਪੀਟੀਸ਼ਨ ਦੀ ਕੀ ਕਰਾਮਾਤ ਹੈ। ਪਹਿਲਾਂ
ਸਤਿਗੁਰੂ ਦੇ ਏਸ ਨਾਮ ਉਤੇ ਗੁਰਸਿਖਾਂ, ਸ਼ਰਧਾਲੂਆਂ ਵਾਲੀ ਸ਼ਰਧਾ ਲਿਆਉਂਣ ਦੀ ਲੋੜ ਹੈ, ਫੇਰ ਨਾਮ ਦੇ ਪਾਤਰ ਬਣਨ ਤੇ
ਨਾਮ ਨੂੰ ਪ੍ਰਾਪਤ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਗੁਰੂ ਸਰੂਪ ਪੰਜਾਂ ਪਿਆਰਿਆਂ ਤੋਂ ਖੰਡੇ ਦਾ
ਅੰਮ੍ਰਿਤ ਛਕਣ ਦੀ ਲੋੜ ਹੈ। ਇਸ ਤਰ੍ਹਾਂ ਖਾਲਸਾ ਸਜ ਕੇ, ਨਾਮ ਪ੍ਰਾਪਤ ਕਰ ਕੇ ਨਾਮ ਜਪਣ ਦੀ ਅਤੁਟ ਕਮਾਈ ਕਰਨ। ਇਸ
ਤਰ੍ਹਾਂ ਮਕੈਨੀਕਲ ਰੈਪੀਟੀਸ਼ਨ ਦੀ ਕਮਾਈ ਦਾ ਫੇਰ ਸਿੱਟਾ ਦੇਖਣ ਕਿ ਕੀ ਰੰਗ ਖਿੜਦੇ ਹਨ ! ਐਵੇਂ ਗੱਲਾਂ ਨਾਮ ਗਿਆਨ
ਘੋਟਿਆਂ ਕੀ ਬਣਦਾ ਹੈ? ਗੁਰੂ ਸਾਹਿਬ ਫੁਰਮਾਉਂਦੇ ਹਨ :-

ਮਨ ਮੇਰੇ ਨਾਮਿ ਰਤੇ ਸੁਖੁ ਹੋਇ ॥
ਗੁਰਮਤੀ ਨਾਮੁ ਸਾਲਾਹੀਐ ਦੂਜਾ ਅਵਰੁ ਨ ਕੋਇ ॥੧॥ਰਹਾਉ॥
(ਸਿਰੀ ਰਾਗੁ ਮ: ੩, ਪੰਨਾ ੩੮)

ਸ਼ੁਕਰ-ਗੁਜ਼ਾਰੀ ਕਰਨੀ ਕਿਹੜੀ ਸੁਖਾਲੀ ਹੈ। ਇਹ ਸ਼ੁਕਰ-ਗੁਜ਼ਾਰੀ (ਤੱਤ ਸ਼ੁਕਰ-ਗੁਜ਼ਾਰੀ) ਗੁਰੂ ਦੁਆਰਿਓਂ, ਗੁਰਮਤਿ
ਦੁਆਰਾ ਹੀ ਸਿਖਾਈ ਸਿਖਲਾਈ ਜਾਂਦੀ ਹੈ। ਉਪਰਲੇ ਗੁਰਵਾਕ ਅੰਦਰ ‘ਗੁਰਮਤੀ ਨਾਮੁ ਸਾਲਾਹੀਐ’ ਦੀ ਫੋਰਸ (ਜ਼ੋਰ-ਸ਼ਕਤੀ)
ਨੂੰ ਦੇਖੋ। ਫੇਰ ਅਗਲੀ ਪੰਗਤੀ ਦੱਸਦੀ ਹੈ ਕਿ ਗੁਰਮਤਿ ਨਾਮ ਦਾ ਜਪਣਾ ਸਾਲਾਹੁਣਾ ਹੀ ਫਲਦਾਇਕ ਹੈ, ਇਹ ਨਹੀਂ ਕਿ
ਸਤਿਨਾਮ ਗੁਰਮੰਤਰ ਤੋਂ ਵੱਖਰਾ ਕੋਈ ਨਾਮ ਹੀ ਸਾਲਾਹਿਆ ਜਾਵੇ। ਬਸ ‘ਦੂਜਾ ਅਵਰੁ ਨ ਕੋਇ।’ ਅਰਥਾਤ ਗੁਰਮਤਿ ਨਾਮ ਤੋਂ
ਵੱਖਰਾ ਦੂਸਰਾ ਹੋਰ ਕੋਈ ਨਾਮ ਨਹੀਂ। ਕੇਵਲ, ਏਸ ਗੁਰਮਤਿ ਨਾਮ ਦੀ ਸਿਫਤ ਸਲਾਹ ਦੀ ਅਤੁਟ ਕਮਾਈ ਤੇ ਅਨਿੰਨ ਸ਼ਰਧਾ
ਭਾਵਨੀ ਦੁਆਰਾ ਹੀ ਨਾਮ ਦੇ ਰੰਗਾਂ ਵਿਚ ਰਤੇ ਜਾ ਸਕੀਦਾ ਹੈ। ਤੇ ਨਾਮ ਦੀ ਰਗੜ ਦੁਆਰਾ ਹੀ ਪਰਜੁਅਲਤ ਹੋਏ ਆਤਮ-
ਪ੍ਰਕਾਸ਼ ਦੁਆਰਾ ਹੀ ਸਚੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਹ ਹੈ, ‘ਮਨ ਮੇਰੇ ਨਾਮਿ ਰਤੇ ਸੁਖੁ ਹੋਇ ।’

ਉਸ ਬੇਅੰਤ ਪ੍ਰਭੂ ਨੂੰ ਪੂਰੇ ਸ਼ਬਦ ਦੁਆਰਾ ਹੀ ਸਲਾਹਿਆ ਜਾ ਸਕਦਾ ਹੈ। ਯਥਾ ਗੁਰਵਾਕ :-
ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥੯॥
(ਸਿਰੀ ਰਾਗੁ ਮ: ੩, ਪੰਨਾ ੬੮)

ਇਹ ਪੂਰਾ ਸ਼ਬਦ ਪੂਰੇ ਸਤਿਗੁਰੂ ਦਾ ਦਸਿਆ ਦ੍ਰਿੜਾਇਆ ਹੋਇਆ ਕੇਵਲ ਗੁਰਮਤਿ ਨਾਮ, ਗੁਰਮੰਤਰ ਹੀ ਹੈ, ਜਿਹਾ ਕਿ ਭਾਈ
ਗੁਰਦਾਸ ਜੀ ਨੇ ਸਪੱਸ਼ਟ ਕਰਕੇ ਪ੍ਰਗਟ ਕੀਤਾ ਹੈ :-

ਨਮਸਕਾਰ ਗੁਰਦੇਵ ਕੋ ਸਤਿਨਾਮ ਜਿਸ ਮੰਤ੍ਰ ਸੁਣਾਇਆ ॥
ਭਵਜਲ ਵਿਚੋਂ ਕਢ ਕੇ ਮੁਕਤਿ ਪਦਾਰਥ ਮਾਹਿ ਸਮਾਇਆ ॥
(ਵਾਰ ੧, ਪਉੜੀ ੧)

ਭਾਈ ਗੁਰਦਾਸ ਜੀ ਸਾਫ ਦੱਸਦੇ ਹਨ ਕਿ ਨਾਮ ਦਾ ਦਾਤਾ ਸਤਿਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੇ ਬਾਕੀ ਗੁਰੂ ਸਰੂਪ
ਗੁਰੂ ਸਾਹਿਬਾਨ ਨੂੰ ਨਮਸਕਾਰ ਹੈ, ਜਿਸ ਨੇ ਸਤਿਨਾਮ ਦਾ ਮੰਤਰ ਸੁਣਾ ਕੇ ਭੈ-ਸਾਗਰ ਵਿਚੋਂ ਕਢ ਕੇ ਮੁਕਤਿ ਕਰ ਦਿੱਤਾ
। ਉਹ ਸਤਿਨਾਮ ਮੰਤਰ ਕਿਹੜਾ ਹੈ, ਏਸ ਨੂੰ ਉਹ ਏਸ ਤਰਾਂ ਸਪੱਸ਼ਟ ਕਰਦੇ ਹਨ :-

ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ ॥
(ਵਾਰ ੧੩, ਪਉੜੀ ੨)

ਇਹ ਗੁਰਮੰਤਰ ਵਾਹਿਗੁਰੂ ਹੀ ਹੈ, ਜਿਸ ਦੇ ਜਪਣ ਨਾਲ ਹਉਮੈ ਦੂਰ ਹੁੰਦੀ ਹੈ। ਇਹੋ ਸਤਿਨਾਮ ਹੈ, ਏਸ ਤੋਂ ਬਿਨਾਂ ਬਾਕੀ
ਰਾਮ, ਹਰੀ ਆਦਿ ਸਭ ਕ੍ਰਿਤਮ ਨਾਮ ਹਨ, ਜਿਨ੍ਹਾਂ ਦਾ ਜਾਪ-ਸਿਮਰਨ ਵਾਹਿਗੁਰੂ ਸਤਿਨਾਮ ਮੰਤਰ ਦੇ ਤੁਲ ਨਹੀਂ:-

ਕਿਰਤਮ ਨਾਮ ਕਥੇ ਤੇਰੇ ਜਿਹਬਾ ॥
ਸਤਿਨਾਮ ਤੇਰਾ ਪਰਾ ਪੂਰਬਲਾ ॥…੨੭॥
(ਮਾਰੂ ਮਹਲਾ ੫, ਪੰਨਾ ੧੦੮੩)

ਇਹ ਸਤਿਨਾਮ ਪਰਾ ਪੂਰਬਲਾ ਹੈ, ਬਾਕੀ ਨਾਮ ਲੋਕਾਂ ਦੇ ਰਚੇ ਹੋਏ ਹਨ।
ਇਹ ਗੁਰਮਤਿ ਨਾਮ ਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਤੇ ਉਸ ਦੀ ਕਿਰਪਾ ਨਾਲ ਹੀ ਮਨ ਵਿਚ ਵਸਦਾ ਹੈ।
ਵੈਸੇ ਆਪ-ਮੁਹਾਰਾ ਨਾਮ ਮੂੰਹੋਂ ਆਖਿਆ ਪਰਵਾਣ ਨਹੀਂ। ਗੁਰਮਤਿ ਬਿਧੀ ਅਨੁਸਾਰ ਪ੍ਰਾਪਤ ਹੋਇਆ ਨਾਮ ਹੀ ਖੰਡੇ ਦਾ
ਅੰਮ੍ਰਿਤ ਛਕ ਕੇ ਜਪਿਆ ਫਲੀਭੂਤ ਹੋ ਸਕਦਾ ਹੈ। ਜਿਹਾ ਕਿ ਗੁਰਵਾਕ ਹੈ:-

ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥
ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥
(ਗੂਜਰੀ ਮ: ੩, ਪੰਨਾ ੫੮੧)

ਏਸ ਤਰ੍ਹਾਂ ਬਿਧੀ ਪੂਰਬਕ ਪ੍ਰਾਪਤ ਹੋਏ ਨਾਮ-ਜਾਪ ਦਾ ਆਟੋਮੈਟਿਕ (ਆਪ-ਮੁਹਾਰਾ) ਤੋਰਾ ਤੁਰ ਸਕਦਾ ਹੈ। ਨਾਮ ਦੀ ਰਸਕ
ਜੋਤਿ ਪ੍ਰਜੁਲਤ ਹੋਣ ਤਕ ਸਿਲ ਅਲੂਣੀ ਚਟਣੀ ਲਗਦੀ ਹੈ। ਜਦੋਂ ਨਾਮ ਮਨ ਵਿਚ ਵਸ ਗਿਆ, ਤਦ ਸੁਰਤੀ ਬਿਰਤੀ ਰਸ-ਲੀਨ ਹੋਣ
ਕਾਰਨ ਇਹ ਰਸ ਛਡਿਆ ਨਹੀਂ ਜਾਂਦਾ।

ਅਠ ਪਹਿਰੀ ਕੁੰਜੀ:

ਅੰਮ੍ਰਿਤ ਵੇਲੇ ਦੀ ਇਕ-ਪਹਿਰੀ ਸਾਵਧਾਨਤਾ ਸਹਿਤ ਨਾਮ ਅਭਿਆਸ ਕੀਤਾ ਹੋਇਆ ਮਾਨੋ ਅਠ ਪਹਿਰੀ ਕੁੰਜੀ ਲਗ ਜਾਂਦੀ ਹੈ,
ਜਿਸ ਦੇ ਤਾਣ ਸੁਤੇ ਸੁਭਾਵ ਹੀ ਨਾਮ ਅਭਿਆਸੀ ਦੀ ਸੁਆਸਾ ਰੂਪੀ ਘੜੀ ਦਾ ਪੈਂਡੁਲਮ, ਪੰਚ ਦੂਤ ਦਮਨੀ ਖੰਡੇ ਦੀ ਖੜਕਾਰ
ਵਾਲੀ ਸਹਿਜ ਰਫਤਾਰ ਵਿਚ ਚਲਦਾ ਰਹਿੰਦਾ ਹੈ।

ਇਹ ਗੁਰਮੰਤਰ “ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ” ਦੇ ਗੁਰਵਾਕ ਅਨੁਸਾਰ ਅਕਾਲ ਪੁਰਖ ਦਾ ਆਪਣੇ ਆਪ ਰਚਿਆ ਹੋਇਆ
ਨਾਉਂ ਸਤਿਨਾਮ ਹੈ, ਹੋਰ ਸਾਰੇ ਨਾਉਂ ਅਸਤਿ ਤੇ ਕ੍ਰਿਤਮ ਨਾਮ ਹਨ। ਏਸ ਗੁਰਮਤਿ ਗੁਰਮੰਤਰ ਵਾਹਿਗੁਰੂ ਦੇ ਵਿਧੀ
ਪੂਰਬਕ ਅਭਿਆਸ ਦੁਆਰਾ ਜੋਤਿ ਪ੍ਰਕਾਸ਼ਕ ਵਿਸਮਾਦੀ ਅਨੰਦ ਰੰਗ ਬਝਦੇ ਹਨ। ਨਾਮ ਅਭਿਆਸ ਦਾ ਹੱਦ-ਬੰਨਾ ਕੋਈ ਨਹੀਂ,
ਨਾਮ ਪਰਮ ਤੇ ਅਗਾਧ ਅਨੰਦ ਵਿਖੇ ਜਾ ਸਮਾਧੀ ਕਰਾਉਂਦਾ ਹੈ; ਤੇ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ:-

‘ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ’ ਵਾਲੇ ਦਿਬ ਲੋਇਣ ਓਤੇ ਜਾ ਕੇ ਹੀ ਖੁਲ੍ਹਦੇ ਹਨ:-
“ਅਦਿਸਟਿ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ॥”
(ਰਾਮਕਲੀ ਮ: ੩, ਅਮਕ ੨੫, ਪੰਨਾ ੯੧੦)

ਵਾਲੀ ਜੀਵਨ ਮੁਕਤਿ ਜੋਤੀ ਜੋਤਿ ਸਮਾਏ ਰਹਿਣ, ਸਦਾ ਸਮਾਏ ਰਹਿਣ ਵਾਲਾ ਉਚ ਮੇਅਰਾਜ ਪ੍ਰਾਪਤ ਹੁੰਦਾ ਹੈ। ਏਸ ਅਵਸਥਾ
ਵਿਚ ਹੀ ਦਸਮ ਦੁਆਰ ਦੀ ਗੰਮਤਾ ਪ੍ਰਾਪਤ ਹੁੰਦੀ ਹੈ, ਜੈਸਾ ਕਿ ਭਾਈ ਗੁਰਦਾਸ ਜੀ ਆਪਣੇ

ਕਬਿਤ ਸਵਈਆਂ ਦੇ ਦੂਜੇ ਕਬਿਤ ਵਿਚ ਦਸਦੇ ਹਨ:-

ਦਸਮ ਸਥਾਨ ਕੇ ਸਮਾਨਿ ਕਉਨ ਭਉਨ ਕਹਉ
ਗੁਰਮੁਖਿ ਪਾਵੈ ਸੁ ਤਉ ਅਨਤ ਨਾ ਧਾਵਈ॥
ਉਨਮਨੀ ਜੋਤਿ ਕੇ ਪਟੰਤਰ ਦੀਜੈ ਕਉਨ ਜੋਤਿ
ਦਇਆ ਕੈ ਦਿਖਾਵੈ ਜਾਹਿੰ ਤਾਹੀ ਬਨਿ ਆਵਈ॥
ਅਨਹਦ ਨਾਦ ਸਮਸਰਿ ਨਾਦੁ ਬਾਦੁ ਕਉਨੁ
ਸ੍ਰੀ ਗੁਰੂ ਸੁਨਾਵੈ ਜਾਹਿੰ ਸੋਈ ਲਿਵ ਲਾਵਈ॥
ਨਿਝਰ ਅਪਾਰ ਧਾਰ ਤੁਲਿ ਨ ਅੰਮ੍ਰਿਤ ਰਸ
ਅਪਿਉ ਪੀਆਵੈ ਜਾਹਿੰ ਤਾਹੀ ਮੈ ਸਮਾਵਈ॥੨॥
(ਕਬਿਤ ਸਵੈਯੇ ਭਾਈ ਗੁਰਦਾਸ ਜੀ)

ਇਹ ਅਵਸਥਾ ਗੁਰੂ ਕਿਰਪਾ ਨਾਲ ਗੁਰਮੁਖਾਂ ਨੂੰ ਹੀ, ਨਾਮ ਦੀ ਦਾਤ ਪ੍ਰਾਪਤ ਕਰ ਕੇ, ਨਾਮ ਅਭਿਆਸ ਕਮਾਈ ਦੁਆਰਾ ਹਾਸਲ
ਹੁੰਦੀ ਹੈ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿਚ ਨਾਮ ਅਭਿਆਸ ਦੀ ਗੁਰਮਤਿ ਜੁਗਤਿ ਇਉਂ ਦੱਸੀ ਹੈ ਕਿ ਏਸ ਬਿਧ
ਗੁਰਮੰਤਰ ਦਾ ਜਾਪ ਕਰ ਕੇ ਦਸਮ-ਦੁਆਰ ਪਹੁੰਚੀਦਾ ਹੈ। ਜਿਹਾ ਕਿ ਕਬਿਤ:-

ਸਬਦ ਸੁਰਤਿ ਲਿਵ ਲੀਨ ਜਲ ਮੀਨ ਗਤਿ
ਸੁਖਮਨਾ ਸੰਗਮ ਹੁਇ ਉਲਟਿ ਪਵਨ ਕੈ॥
ਬਿਸਮ ਬਿਸਵਾਸ ਬਿਖੈ ਅਨਭੈ ਅਭਿਆਸ ਰਸ
ਪ੍ਰੇਮ ਮਧੁ ਅਪਿਉ ਪੀਵੈ ਗੁਹਜ ਗਵਨ ਕੈ॥
ਸਬਦ ਕੈ ਅਨਹਦ ਸੁਰਤਿ ਕੈ ਉਨਮਨੀ
ਪ੍ਰੇਮ ਕੈ ਨਿਝਰ ਧਾਰ ਸਹਜ ਰਵਨ ਕੈ॥
ਤ੍ਰਿਕੁਟੀ ਉਲੰਘਿ ਸੁਖ ਸਾਗਰ ਸੰਜੋਗ ਭੋਗ॥
ਦਸਮ ਸਥਲ ਨਿਹਕੇਵਲ ਭਵਨ ਕੈ॥੨੯੧॥
(ਕਬਿਤ ਭਾਈ ਗੁਰਦਾਸ ਜੀ)

ਨਾਮ ਦੀ ਅਗਾਧ ਕਲਾ ਹੈ, ਜਿਸ ਦੇ ਉਫੈਲ ਅਕਾਲ ਪੁਰਖ ਦੇ ਪਰਤੱਖ ਦਰਸ਼ਨ, ਦਸਮ ਦੁਆਰ ਦਾ ਉਘਾੜ ਤੇ ਸਚਖੰਡ ਦਾ ਨਿਵਾਸ
ਪ੍ਰਾਪਤ ਹੁੰਦਾ ਹੈ। ਖਾਲਸੇ ਦਾ ਦਸਮ ਦੁਆਰ ਜੋਗੀਆਂ ਦੇ ਦਸਮ ਦੁਆਰ ਨਾਲੋਂ ਉਚਾ ਤੇ ਵਿਲੱਖਣ ਹੈ। ਜੋਗੀਆਂ ਦਾ ਦਸਮ
ਦੁਆਰ ਤਾਂ ਨਿਰਾ ਪਵਨ-ਪੁਹਾਰਾ ਹੀ ਹੈ। ਏਸ ਦਾ ਫਰਕ ਇਉਂ ਸਮਝੋ ਕਿ ਅੰਗੀਠੀ ਵਿਚ ਜਿਥੇ ਕੋਇਲੇ ਦਗਦੇ ਹਨ, ਉਹ ਉਪਰਲਾ
ਟਿਕਾਣਾ ਖਾਲਸੇ ਦਾ ਦਸਮ ਦੁਆਰ ਹੈ, ਜਿਥੋਂ ਸਚਖੰਡ ਨਾਲ ਸਿੱਧਾ ਕਨੈਕਸ਼ਨ ਜੁੜਦਾ ਹੈ ਤੇ ਨਾਮ ਦੀਆਂ ਧੁਨੀਆਂ ਦਾ
ਅਨਹਦ ਸ਼ਬਦ ਸੁਣਾਈ ਦਿੰਦਾ ਹੈ। ਜੋਗੀਆਂ ਦਾ ਦਸਮ ਦੁਆਰ ਤਾਂ ਉਹ ਥਾਂ ਹੈ, ਜਿਥੇ ਅੰਗੀਠੀ ਦੇ ਹੇਠਲੇ ਹਿੱਸੇ ਵਿਚ
ਸੁਆਹ ਡਿਗਦੀ ਹੈ। ਜੋਗੀਆਂ ਨੂੰ ਏਥੇ ਬਜੰਤ੍ਰੀ ਬਾਜਿਆਂ, ਵੀਣਾ, ਢੋਲਕ, ਛੇਣੇ ਆਦਿ ਦੀਆਂ ਧੁਨੀਆਂ ਹੀ ਸੁਣਦੀਆਂ ਹਨ
। ਗੁਰੂ ਘਰ ਵਾਲਾ ਅਨਹਦ ਸ਼ਬਦ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ ਤੇ ਨਾ ਉਹਨਾਂ ਨੂੰ ਅਕਾਲ ਪੁਰਖ ਪਰਤੱਖ ਹੁੰਦਾ
ਹੈ, ਜੈਸਾ ਕਿ ਗੁਰਵਾਕ
ਹੈ :-

“ਜੋਗ ਸਿਧ ਆਸਣ ਚਉਰਾਸੀ ਏ ਭੀ ਕਰਿ ਕਰਿ ਰਹਿਆ॥
ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨਾ ਗਹਿਆ॥੬॥”
(ਸੋਰਠਿ ਮ: ੫ ਘਰੁ ੨ ਅਸਟ:, ਪੰਨਾ ੬੪੨)

ਇਹ ਉਪਰਲੀ ਮਿਸਾਲ “ਤਿਹ ਸਿਲ ਉਪਰਿ ਖਿੜਕੀ ਅਉਰ” ਵਾਲੇ ਸ਼ਬਦ ਦੇ ਭਾਵ ਦਾ ਟੂਕ ਮਾਤਰ ਪ੍ਰਮਾਣ ਹੈ। ਇਸ ਲਈ ਸਾਰ-
ਸਿੱਟਾ ਇਹ ਹੈ ਕਿ ਅਸਲੀ ਕਲਿਆਣਕਾਰੀ ਮੰਤਰਾਂ ਸਿਰ ਮੰਤਰ ‘ਵਾਹਿਗੁਰੂ’ ਗੁਰਮੰਤਰ ਹੈ, ਜੋ ਬੇਦ ਕਤੇਬਾਂ ਤੋਂ
ਅਗੋਚਰਾ ਅਕਾਲ ਪੁਰਖ ਦਾ ਆਪ ਸੰਕੇਤਿਆ ਨਾਮ ਹੈ, ਜਿਹਾ ਕਿ :-

“ਬੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸਬਦ ਸੁਣਾਇਆ॥”
(ਭਾਈ ਗੁਰਦਾਸ ਜੀ, ਵਾਰ ੧੨, ਪਉੜੀ ੧੭)

ਏਸ ਗੁਰਮੰਤਰ ਨੂੰ ਜਪਣ ਦੀ ਭਾਈ ਗੁਰਦਾਸ ਜੀ ਹਦਾਇਤ ਕਰਦੇ ਹਨ :-
“ਵਾਹਿਗੁਰੂ ਸਾਲਾਹਣਾ ਗੁਰ ਸਬਦ ਅਲਾਏ॥”
(ਵਾਰ ੯, ਪਉੜੀ ੧੩)

“ਵਾਹਿਗੁਰੂ ਗੁਰੁ ਸਬਦੁ ਲੈ ਪਿਰਮ ਪਿਆਲਾ ਚੁਪਿ ਚੁਬੋਲਾ॥”
(ਵਾਰ ੪, ਪਉੜੀ ੧)

ਇਸ ਗੁਰਮੰਤਰ ਨੂੰ ਬਾਰ ਬਾਰ ਜਪਣ ਦੀ ਹਦਾਇਤ ਗੁਰਬਾਣੀ ਵਿਚ ਥਾਂ ਥਾਂ ਮਿਲਦੀ ਹੈ :-

“ਬਾਰੰ ਬਾਰ ਬਾਰ ਪ੍ਰਭੁ ਜਪੀਐ ॥ ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ॥…੬॥(੧੭)”

ਸੋ ਨਾਮ ਦਾ ਬਾਰ ਬਾਰ ਜਪਣਾ ਨਿਰੀ ਮਕੈਨੀਕਲ ਰੈਪੀਟੀਸ਼ਨ (ਮੁੜ ਮੁੜ ਇਕ ਸ਼ਬਦ ਨੂੰ ਆਮੁਹਾਰਾ ਕਹੀ ਜਾਣ ਵਾਲੀ ਫੋਕੀ
ਕਾਰ) ਨਹੀਂ, ਸਗੋਂ ਨਾਮ-ਰਸ ਲੀਨ ਕਰਾਉਂਣ ਵਾਲੀ ਤੇ ਕਪਾਟ ਖੋਲ੍ਹਣ ਵਾਲੀ ਸਚੀ ਕਾਰ ਹੈ। ਗੁਰਮਤਿ ਨਾਮ ਅਰਥਾਤ
ਵਾਹਿਗੁਰੂ ਦਾ ਅਭਿਆਸ ਊਠਤ ਬੈਠਤ ਸੋਵਤ ਜਾਗਤ ਸਾਸ ਗ੍ਰਾਸ ਹੋ ਸਕਦਾ ਹੈ, ਰਸਨਾ (ਜੀਭ) ਦੁਆਰਾ ਅਥਵਾ ਸੁਆਸਾਂ ਤੇ
ਸੁਰਤੀ ਦੁਆਰਾ। (ਨਾਮ ਸਿਮਰਨ ਆਦਿ ਸਵਾਲਾਂ ਸਬੰਧੀ ਵੇਰਵਾ ਦੇਖਣ ਲਈ ਪੜ੍ਹੋ ਗੁਰਮਤਿ ਨਾਮ ਅਭਿਆਸ ਕਮਾਈ, ਗੁਰਮਤਿ
ਲੇਖ, ਚਰਨ ਕਮਲ ਕੀ ਮਉਜ ਅਤੇ ਅਨਹਦ ਸ਼ਬਦ ਦਸਮ ਦੁਆਰ ਪੁਸਤਕਾਂ)।

Continued on ... [www.khalsaspirit.com]
__________________________________________________________________________________
ਕਿਸੇ ਅੱਖਰ ਵਿਚ ਆਈ ਲਗ ਮਾਤ੍ਰਾ ਦੀ ਗਲਤੀ ਵਾਸਤੇ ਖਿਮਾਂ ਚਾਹਾਂਗੇ।

ਗੁਰੂ ਮਿਹਰ ਕਰੇ,

ਵਾਹਿਗੁਰੂ ਜੀ ਕਾ ਖ਼ਾਲਸਾ
ਵਹਿਗੁਰੂ ਜੀ ਕੀ ਫਤਿਹ॥

 



Re: ਵਾਹਿਗੁਰੂ ਸਿਮਰਨ
Posted by: kulbir singh (IP Logged)
Date: May 21, 2008 08:54AM

This article is one of the most wonderful article from Bhai Sahib Randhir Singh jee. Originally this was published alone but later on it was included in one of Bhai Sahib's books. This article actually proves that Gurmat alone preaches real Ikk-Prastee i.e. worship of one Akal Purakh. The standards of Vaheguru worship, set by Gurmat are very lofty. Any kind of deviation from Ikk Akal Purakh is considered a step away from worship of Vaheguru. Constant, perpetual worship of Vaheguru through Gurmat Naam and to thank Vaheguru by constantly japping Gurmat Naam is what Gurmat preaches.

Thanks for posting the article, Khalsa spirit jeeo.

Kulbir Singh

 





© 2007-2024 Gurdwara Tapoban Sahib